Breaking News

ਫਿਲਮ ਸੈਂਸਰ ਬੋਰਡ ਦਾ ਮੁਖੀ ਵੀ ‘ਪਦਮਾਵਤੀ’ ਬਣਾਉਣ ਵਾਲਿਆਂ ਦੇ ਖਿਲਾਫ ਭੜਕਿਆ - DNU Tv


ਫਿਲਮ ਸੈਂਸਰ ਬੋਰਡ ਦਾ ਮੁਖੀ ਵੀ ‘ਪਦਮਾਵਤੀ’ ਬਣਾਉਣ ਵਾਲਿਆਂ ਦੇ ਖਿਲਾਫ ਭੜਕਿਆ - DNU Tv
ਫਿਲਮ ਸੈਂਸਰ ਬੋਰਡ ਦਾ ਮੁਖੀ ਵੀ ‘ਪਦਮਾਵਤੀ’ ਬਣਾਉਣ ਵਾਲਿਆਂ ਦੇ ਖਿਲਾਫ ਭੜਕਿਆ - DNU Tv
ਭਾਰਤ ਦੇ ਫਿਲਮ ਸਰਟੀਫਿਕੇਸ਼ਨ ਬਾਰੇ ਕੇਂਦਰੀ ਬੋਰਡ (ਸੀ ਬੀ ਐਫ ਸੀ) ਦੇ ਮੁਖੀ ਪ੍ਰਸੂਨ ਜੋਸ਼ੀ ਨੇ ਸਰਟੀਫਿਕੇਟ ਬਗ਼ੈਰ ਕਈ ਟੀ ਵੀ ਚੈਨਲਾਂ ਉੱਤੇ ਫਿਲਮ ‘ਪਦਮਾਵਤੀ’ ਦੀ ਸਕਰੀਨਿੰਗ ਲਈ ਇਸ ਫਿਲਮ ਦੇ ਪ੍ਰੋਡਿਊਸਰਾਂ ਦੀ ਨੁਕਤਾਚੀਨੀ ਕੀਤੀ ਹੈ। ਫਿਲਮ ਪ੍ਰੋਡਿਊਸਰਾਂ ਵੱਲੋਂ ਕੁਝ ਪੱਤਰਕਾਰਾਂ ਲਈ ਵਿਸ਼ੇਸ਼ ਸਕਰੀਨਿੰਗ ਰੱਖੇ ਜਾਣ ਦੀਆਂ ਰਿਪੋਰਟਾਂ ਦੇ ਬਾਅਦ ਪ੍ਰਸੂਨ ਜੋਸ਼ੀ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ।
ਵਰਨਣ ਯੋਗ ਹੈ ਕਿ ਸੰਜੈ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤੀ’ ਸਰਟੀਫਿਕੇਟ ਲਈ ਦਿੱਤੀ ਅਰਜ਼ੀ ‘ਅਧੂਰੀ’ ਹੋਣ ਕਾਰਨ ਸੀ ਬੀ ਐਫ ਸੀ ਨੇ ਵਾਪਸ ਭੇਜ ਦਿੱਤੀ ਸੀ। ਅੱਜ ਸੀ ਬੀ ਐਫ ਸੀ ਦੇ ਮੁਖੀ ਪ੍ਰਸੂਨ ਜੋਸ਼ੀ ਨੇ ਕਿਹਾ ਕਿ ਉਹ ਇਸ ਗੱਲ ਤੋਂ ਨਿਰਾਸ਼ ਹਨ ਕਿ ਸੀ ਬੀ ਐਫ ਸੀ ਨੇ ਇਹ ਫਿਲਮ ਅਜੇ ਦੇਖੀ ਨਹੀਂ, ਪਰ ਇਸ ਦੀ ਸਕਰੀਨਿੰਗ ਮੀਡੀਆ ਲਈ ਪੇਸ਼ ਕੀਤੀ ਜਾ ਰਹੀ ਹੈ ਤੇ ਕੌਮੀ ਚੈਨਲਾਂ ਉੱਤੇ ਇਸ ਫਿਲਮ ਦੀ ਸਮੀਖਿਆ ਹੋ ਰਹੀ ਹੈ। ਉਨ੍ਹਾਂ ਕਿਹਾ, ‘ਆਪਣੀ ਸਹੂਲਤ ਮੁਤਾਬਕ ਇਹ ਬੇਤਰਤੀਬੇ ਢੰਗ ਨਾਲ ਸਰਟੀਫਿਕੇਟ ਪ੍ਰਣਾਲੀ ਨੂੰ ਦੇਖਣ ਦਾ ਤੰਗ ਨਜ਼ਰੀਆ ਹੈ। ਇਕ ਪਾਸੇ ਸੀ ਬੀ ਐਫ ਸੀ ਨੂੰ ਜ਼ਿੰਮੇਵਾਰ ਠਹਿਰਾਉਣਾ ਤੇ ਪ੍ਰਕਿਰਿਆ ਤੇਜ਼ ਕਰਨ ਦਾ ਦਬਾਅ ਪਾਉਣਾ ਤੇ ਦੂਜੇ ਪਾਸੇ ਸਥਾਪਤ ਵਿਵਸਥਾ ਨੂੰ ਢਾਹ ਲਾਉਣ ਦੇ ਯਤਨ ਨਾਲ ਮੌਕਾਪ੍ਰਸਤੀ ਦੀ ਮਿਸਾਲ ਕਾਇਮ ਹੋਈ ਹੈ।’
ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਫਿਲਮ ਪਹਿਲੀ ਦਸੰਬਰ ਨੂੰ ਰਿਲੀਜ਼ ਹੋਣੀ ਦੱਸੀ ਗਈ ਸੀ, ਪਰ ਕਈ ਰਾਜਪੂਤ ਗਰੁੱਪਾਂ ਵੱਲੋਂ ਇਸ ਵਿੱਚ ਇਤਿਹਾਸਕ ਤੱਥਾਂ ਨੂੰ ਤਰੋੜ-ਮਰੋੜ ਕੇ ਪੇਸ਼ ਕੀਤੇ ਜਾਣ ਦਾ ਦੋਸ਼ ਲਾ ਕੇ ਵਿਰੋਧ ਕੀਤਾ ਜਾ ਰਿਹਾ ਹੈ। ਇਸ ਫਿਲਮ ਵਿੱਚ ਰਾਣੀ ਪਦਮਾਵਤੀ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਇਸ ਦੇ ਪ੍ਰੋਡਿਊਸਰ ਸੰਜੇ ਲੀਲਾ ਭੰਸਾਲੀ ਨੂੰ ਧਮਕੀਆਂ ਮਿਲ ਚੁੱਕੀਆਂ ਹਨ।
ਇਸ ਦੌਰਾਨ ਵਿਵਾਦਾਂ ਵਿੱਚ ਘਿਰੀ ਫਿਲਮ ਹੋਈ ‘ਪਦਮਾਵਤੀ’ ਦੀ ਹੀਰੋਇਨ ਦੀਪਿਕਾ ਪਾਦੂਕੋਣ ਨੂੰ ਹਾਲੀਵੁੱਡ ਐਕਟਰੈੱਸ ਰੂਬੀ ਰੋਜ਼ ਨੇ ਹਮਾਇਤ ਦਿੱਤੀ ਹੈ। ਰੋਜ਼ ਅਤੇ ਦੀਪਿਕਾ ਨੇ ਇੱਕ ਫਿਲਮ ਵਿੱਚ ਇਕੱਠਿਆਂ ਭੂਮਿਕਾ ਨਿਭਾਈ ਹੋਈ ਹੈ। ਰਾਜਪੂਤ ਕਰਣੀ ਸੈਨਾ ਦੇ ਇਕ ਆਗੂ ਵੱਲੋਂ ਦੀਪਿਕਾ ਨੂੰ ਧਮਕੀ ਦਿੱਤੇ ਜਾਣ ਮਗਰੋਂ ਰੂਬੀ ਰੋਜ਼ ਨੇ ਟਵੀਟ ਕਰਕੇ ਕਿਹਾ ਕਿ ਦੀਪਿਕਾ ਮਜ਼ਬੂਤ ਅਤੇ ਦਲੇਰ ਔਰਤ ਹੈ ਅਤੇ ਸਮਝ ਸਕਦੀ ਹੈ ਕਿ ਉਹ ਕਿਹੜੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਏਧਰ ਭਾਰਤ ਵਿੱਚੋਂ ਸੀਨੀਅਰ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਅੱਜ ਕਿਹਾ ਕਿ ਫਿਲਮਸਾਜ਼ ਸੰਜੈ ਲੀਲਾ ਭੰਸਾਲੀ ਤੇ ਉਨ੍ਹਾਂ ਦੀ ਫਿਲਮ ‘ਪਦਮਾਵਤੀ’ ਦੀ ਹੀਰੋਇਨ ਦੀਪਿਕਾ ਪਾਦੂਕੋਣ ਨੂੰ ਧਮਕੀਆਂ ਦੇ ਰੋਸ ਪ੍ਰਗਟ ਕਰਨ ਲਈ ਫਿਲਮ ਜਗਤ ਨੂੰ ਭਾਰਤੀ ਕੌਮਾਂਤਰੀ ਫਿਲਮ ਮੇਲੇ (ਆਈ ਐਫ ਐਫ ਆਈ) ਦਾ ਬਾਈਕਾਟ ਕਰਨਾ ਚਾਹੀਦਾ ਹੈ। ਇਸ ਮੁੱਦੇ ਉੱਤੇ ਸੂਚਨਾ ਤੇ ਪ੍ਰਸਾਰਨ ਮੰਤਰੀ ਸਮ੍ਰਿਤੀ ਇਰਾਨੀ ਵੱਲੋਂ ਵੱਟੀ ਗਈ ਚੁੱਪ ਦੀ ਆਲੋਚਨਾ ਕਰਦਿਆਂ ਸ਼ਬਾਨਾ ਆਜ਼ਮੀ ਨੇ ਇਸ ਸਥਿਤੀ ਨੂੰ ‘ਸੱਭਿਆਚਾਰਕ ਖ਼ਾਤਮੇ’ ਵਾਲੀ ਦੱਸਿਆ ਹੈ।
ਦੁਸਰੇ ਪਾਸੇ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਅੱਜ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਸਮ੍ਰਿਤੀ ਇਰਾਨੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਜ਼ਰੂਰੀ ਤਬਦੀਲੀਆਂ ਕੀਤੇ ਬਿਨਾਂ ਫਿਲਮ ‘ਪਦਮਾਵਤੀ’ ਰਿਲੀਜ਼ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਸੈਂਸਰ ਬੋਰਡ ਨੂੰ ਫਿਲਮ ਨੂੰ ਸਰਟੀਫਿਕੇਟ ਜਾਰੀ ਕਰਨ ਤੋਂ ਪਹਿਲਾਂ ਸਾਰੇ ਸੰਭਾਵੀ ਨਤੀਜਿਆਂ ਉੱਤੇ ਗੌਰ ਕਰਨਾ ਚਾਹੀਦਾ ਹੈ। ਇਸ ਦੌਰਨਾ ਫਿਲਮ ‘ਪਦਮਾਵਤੀ’ ਉਤੇ ਮੁਕੰਮਲ ਰੋਕ ਦੀ ਮੰਗ ਕਰਦਿਆਂ ਰਾਜਪੂਤ ਭਾਈਚਾਰੇ ਦੀ ਅਗਵਾਈ ਹੇਠ ਸਥਾਨਕ ਲੋਕਾਂ ਨੇ ਅੱਜ ਰਾਜਸਮੰਦ ਜ਼ਿਲ੍ਹੇ ਵਿੱਚ ਕੁੰਭਲਗੜ੍ਹ ਕਿਲੇ ਨੂੰ ਘੇਰਾ ਪਾ ਕੇ ਇਸ ਵਿੱਚ ਦਾਖ਼ਲਾ ਬੰਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਚਿਤੌੜਗੜ੍ਹ ਕਿਲੇ ਨੂੰ ਘੇਰਾ ਪਾ ਲਿਆ ਸੀ। ਚਿਤੌੜਗੜ੍ਹ ਥਾਣੇ ਦੇ ਐਸ ਐਚ ਓ ਓਮ ਪ੍ਰਕਾਸ਼ ਨੇ ਦੱਸਿਆ ਕਿ ਚਿਤੌੜਗੜ੍ਹ ਵਿੱਚ ਅੱਜ ਹਾਲਾਤ ਆਮ ਵਾਂਗ ਰਹੇ। 


Daily News Update (DNU) of Computer Technology, Sport, Business, Local News, World News
Thanks for Reading, Please Like & Share.

No comments

Thanks for Your Response.