Breaking News

ਰਾਜਪੂਤ ਧੜਿਆਂ ਦੇ ਦਬਾਅ ਕਾਰਨ ਫਿਲਮ ‘ਪਦਮਾਵਤੀ’ ਦੀ ਰਿਲੀਜ਼ ਫਿਲਮਕਾਰਾਂ ਨੇ ਅੱਗੇ ਪਾਈ - DNU Tv

ਰਾਜਪੂਤ ਧੜਿਆਂ ਦੇ ਦਬਾਅ ਕਾਰਨ ਫਿਲਮ ‘ਪਦਮਾਵਤੀ’ ਦੀ ਰਿਲੀਜ਼ ਫਿਲਮਕਾਰਾਂ ਨੇ ਅੱਗੇ ਪਾਈ - DNU Tv

ਵਿਵਾਦਾਂ ਵਿੱਚ ਘਿਰੀ ਹੋਈ ਸੰਜੇ ਲੀਲਾ ਭੰਸਾਲੀ ਦੀ ਬਹੁ-ਚਰਚਿਤ ਫਿਲਮ ‘ਪਦਮਾਵਤੀ’ ਨੂੰ ਰਿਲੀਜ਼ ਕਰਨ ਦੀ ਮਿਥੀ ਹੋਈ ਤਰੀਕ ਫਿਲਮ ਨਿਰਮਾਤਾਵਾਂ ਨੇ ਅੱਗੇ ਪਾ ਦਿੱਤਾ ਹੈ।
ਫਿਲਮ ਨਿਰਮਾਤਾ ਵੱਲੋਂ ‘ਵਾਇਆਕੌਮ18 ਮੋਸ਼ਨ ਪਿਕਚਰਜ਼’ ਦੇ ਬੁਲਾਰੇ ਨੇ ਕਿਹਾ ਹੈ ਕਿ ‘ਪਦਮਾਵਤੀ’ ਫਿਲਮ ਨੂੰ ਪਹਿਲੀ ਦਸੰਬਰ 2017 ਨੂੰ ਰਿਲੀਜ਼ ਕਰਨ ਦੀ ਤਰੀਕ ਅੱਗੇ ਪਾਉਣ ਦਾ ਫ਼ੈਸਲਾ ਅਸੀਂ ਆਪਣੀ ਮਰਜ਼ੀ ਨਾਲ ਲਿਆ ਹੈ। ਬੁਲਾਰੇ ਨੇ ਦੱਸਿਆ ਕਿ ਉਹ ਆਪਣੇ ਦੇਸ਼ ਦੇ ਕਾਨੂੰਨ ਤੇ ਫਿਲਮ ਸਰਟੀਫਿਕੇਸ਼ਨ ਬਾਰੇ ਕੇਂਦਰੀ ਬੋਰਡ (ਸੀ ਬੀ ਐਫ ਸੀ) ਵਰਗੀਆਂ ਸੰਸਥਾਵਾਂ ਦਾ ਸਨਮਾਨ ਕਰਦੇ ਹਨ ਤੇ ਜ਼ਿੰਮੇਵਾਰ ਨਾਗਰਿਕ ਹੋਣ ਕਾਰਨ ਉਹ ਪੂਰੀ ਪ੍ਰਕਿਰਿਆ ਦਾ ਪਾਲਣ ਕਰਨ ਲਈ ਪ੍ਰਤੀਬੱਧ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਨੂੰ ਜਲਦੀ ਹੀ ਫਿਲਮ ਰਿਲੀਜ਼ ਕਰਨ ਦੀ ਪ੍ਰਵਾਨਗੀ ਮਿਲੇਗੀ। ਵਰਨਣ ਯੋਗ ਹੈ ਕਿ ਸੈਂਸਰ ਬੋਰਡ ਦੇ ਮੁਖੀ ਪ੍ਰਸੂਨ ਜੋਸ਼ੀ ਨੇ ਬੀਤੇ ਦਿਨ ਫਿਲਮਸਾਜ਼ਾਂ ਵੱਲੋਂ ਬੋਰਡ ਤੋਂ ਸਰਟੀਫਿਕੇਟ ਲਏ ਬਿਨਾਂ ਮੀਡੀਆ ਚੈਨਲਾਂ ਲਈ ਫਿਲਮ ਦੀ ਸਕਰੀਨਿੰਗ ਰੱਖਣ ਉੱਤੇ ਇਤਰਾਜ਼ ਕੀਤਾ ਸੀ। ਸੀ ਬੀ ਐਫ ਸੀ ਨੇ ਸਰਟੀਫਿਕੇਟ ਦੇਣ ਲਈ ਅਰਜ਼ੀ ਅਧੂਰੀ ਹੋਣ ਕਾਰਨ ਨਿਰਮਾਤਾਵਾਂ ਨੂੰ ਫਿਲਮ ਵਾਪਸ ਭੇਜ ਦਿੱਤੀ ਸੀ।
ਅੱਜ ਜਾਰੀ ਕੀਤੇ ਗਏ ਬਿਆਨ ਵਿੱਚ ਸਟੂਡੀਓ ਨੇ ਕਿਹਾ ਕਿ ਉਹ ਫਿਲਮ ਰਿਲੀਜ਼ ਦੀ ਨਵੀਂ ਤਾਰੀਕ ਦਾ ਐਲਾਨ ਜਲਦੀ ਕਰਨਗੇ ਤੇ ਉਹ ਆਪਣੇ ਵੱਲੋਂ ਬੀਤੇ ਸਮੇਂ ਵਿੱਚ ਪੇਸ਼ ਕੀਤੀਆਂ ਫਿਲਮਾਂ ‘ਟਾਇਲੇਟ: ਏਕ ਪ੍ਰੇਮ ਕਥਾ’, ‘ਕੁਈਨ’, ‘ਭਾਗ ਮਿਲਖਾ ਭਾਗ’ ਆਦਿ ਦੇ ਵਾਂਗ ਹੀ ਚੰਗੀਆਂ ਫਿਲਮਾਂ ਦੀ ਪੇਸ਼ਕਾਰੀ ਲਈ ਪ੍ਰਤੀਬੱਧ ਹਨ। ਫਿਲਮ ਨਿਰਮਾਤਾਵਾਂ ਨੇ ਕਿਹਾ ਕਿ ਇਹ ਫਿਲਮ ਰਾਜਪੂਤੀ ਸ਼ਾਨ, ਅਣਖ ਤੇ ਰਵਾਇਤਾਂ ਦੀ ਸ਼ਾਨਦਾਰ ਪੇਸ਼ਕਾਰੀ ਹੈ।
ਵਰਨਣ ਯੋਗ ਹੈ ਕਿ ਬੀਤੇ ਸਾਲ ਜਦੋਂ ਸੰਜੇ ਲੀਲਾ ਭੰਸਾਲੀ ਨੇ ‘ਪਦਮਾਵਤੀ’ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ, ਉਸ ਸਮੇਂ ਤੋਂ ਹੀ ਇਹ ਫਿਲਮ ਵਿਵਾਦਾਂ ਵਿੱਚ ਘਿਰੀ ਹੋਈ ਹੈ। ਫਿਲਮ ਡਾਇਰੈਕਟਰ ਨਾਲ ਜੈਪੁਰ ਵਿੱਚ ਰਾਜਪੂਤ ਕਰਨੀ ਸੈਨਾ ਦੇ ਧੜੇ ਦੀ ਝੜਪ ਵੀ ਹੋਈ ਸੀ। ਇਸ ਦੌਰਾਨ ਅੱਜ ਉੱਤਰ ਪ੍ਰਦੇਸ਼ ਦੇ ਡਿਪਟੀ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ ਹੈ ਕਿ ਉਹ ਆਪਣੇ ਰਾਜ ਵਿੱਚ ਬਾਲੀਵੁੱਡ ਫਿਲਮ ‘ਪਦਮਾਵਤੀ’ ਨੂੰ ਓਦੋਂ ਤੱਕ ਰਿਲੀਜ਼ ਨਹੀਂ ਹੋਣ ਦੇਣਗੇ, ਜਦੋਂ ਤੱਕ ਫਿਲਮ ਵਿੱਚੋਂ ਵਿਵਾਦਤ ਹਿੱਸਾ ਹਟਾ ਨਹੀਂ ਦਿੱਤਾ ਜਾਂਦਾ। ਦੂਸਰੇ ਪਾਸੇ ਅਖਿਲ ਭਾਰਤੀ ਕਸ਼ਤਰੀਆ ਮਹਾ ਸਭਾ (ਏ ਬੀ ਕੇ ਐਮ) ਨੇ ਅੱਜ ਐਲਾਨ ਕੀਤਾ ਹੈ ਕਿ ਫਿਲਮ ਦੀ ਹੀਰੋਰਿਨ ਦੀਪਿਕਾ ਪਾਦੂਕੋਣ ਨੂੰ ਜਿਉਂਦੀ ਸਾੜਨ ਵਾਲੇ ਨੂੰ ਇੱਕ ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਏ ਬੀ ਕੇ ਐਮ ਦੇ ਮੈਂਬਰਾਂ ਨੇ ਦੀਪਿਕਾ ਦੇ ਕਈ ਪੁਤਲੇ ਸਾੜੇ ਤੇ ਨਾਅਰੇਬਾਜ਼ੀ ਕਰ ਕੇ ਰੋਸ ਮਾਰਚ ਕੀਤਾ। ਏ ਬੀ ਕੇ ਐਮ ਦੇ ਯੂਥ ਵਿੰਗ ਦੇ ਆਗੂ ਭੁਵਨੇਸ਼ਵਰ ਸਿੰਘ ਨੇ ਕਿਹਾ ਕਿ ਦੀਪਿਕਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਉਂਦੇ ਸੜਨਾ ਕੀ ਹੈ। ਉਹ ਰਾਣੀ ਪਦਮਾਵਤੀ ਦੇ ਬਲਿਦਾਨ ਨੂੰ ਨਹੀਂ ਸਮਝ ਸਕਦੀ।

Daily News Update (DNU) of Computer Technology, Sport, Business, Local News, World News
Thanks for Reading, Please Like & Share.

No comments

Thanks for Your Response.